ਵਧੇਰੇ ਪਾਣੀ ਦੀ ਖਪਤ ਕਰਨ ਵਾਲੀ ਝੋਨੇ ਦੀ ਗੈਰ ਸਿਫਰਾਸ਼ਸ਼ੁਦਾ ਕਿਸਮ ਪੂਸਾ 44 ਦੀ ਕਾਸ਼ਤ ਨਾਂ ਕੀਤੀ ਜਾਵੇ : ਮੁੱਖ ਖੇਤੀਬਾੜੀ ਅਫ਼ਸਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 8 ਮਈ 2024 - ਕਿਸਾਨਾਂ ਨੂੰ ਝੋਨੇ ਦੇ ਮਿਆਰੀ ਬੀਜ ਉਪਲਬਧ ਕਰਵਾਉਣ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿਚ ਹੋਈ ,ਜਿਸ ਦੀ ਪ੍ਰਧਾਨਗੀ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ । ਮੀਟਿੰਗ ਵਿੱਚ ਪਾਬੰਧੀ ਸ਼ੁਦਾ ਪੂਸਾ 44 ਦੇ ਬੀਜ ਦੀ ਵਿਕਰੀ ਬੰਦ ਕਰਨ ਅਤੇ ਪੀ ਆਰ 131 ਦੀ ਮੰਗ ਅਤੇ ਸਪਲਾਈ ਬਾਰੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਹਾਜ਼ਰ ਖੇਤੀ ਅਧਿਕਾਰੀਆਂ ਨੂੰ ਸੰਬੋਧਨ ਹੁੰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਸਫਲ ਕਾਸ਼ਤ ਵਿੱਚ ਕਿਸਮ ਅਤੇ ਤਸਦੀਕਸ਼ੁਦਾ ਬੀਜ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਆਮ ਕਰਕੇ ਬੀਜ ਵਿਕ੍ਰੇਤਾ ਅਤੇ ਆੜ੍ਹਤੀ ਭਰਾ ਕਿਸਾਨਾਂ ਨੂੰ ਸਬਜ਼ਬਾਗ ਦਿਖਾ ਕੇ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦਾ ਬੀਜ ਮਹਿੰਗੇ ਭਾਅ ਵੇਚਦੇ ਹਨ। ਉਨ੍ਹਾਂ ਕਿਹਾ ਕਿ ਆਮ ਕਰਕੇ ਕਿਸਾਨਾਂ ਵਲੋਂ ਵੇਖੋ ਵੇਖੀ ਕੁਝ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਕਾਸ਼ਤ ਕਰ ਲਈ ਜਾਂਦੀ ਹੈ ਜਿਸ ਕਾਰਨ ਮੰਡੀ ਵਿੱਚ ਮੰਡੀਕਰਨ ਸਮੇਂ ਕਿਸਾਨਾਂ ਅਤੇ ਆੜਤੀਆਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਕੁਝ ਬੀਜ ਵਿਕ੍ਰੇਤਾ ਹਾੜੀ-ਸਾਉਣੀ ਤੋਂ ਪਹਿਲਾਂ ਅਖਬਾਰਾਂ ,ਟੀ.ਵੀ. ਵਿੱਚ ਇਸ਼ਤਿਹਾਰ ਦੇ ਕੇ ਆਪਣੇ ਦੁਆਰਾ ਤਿਆਰ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਮਸ਼ਹੂਰੀ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਹਨ ਜਿਸ ਤੋਂ ਪ੍ਰਭਾਵਤ ਹੋ ਕੇ ਕਿਸਾਨ ਬੀਜ ਖ੍ਰੀਦ ਕੇ ਝੋਨੇ ਦੀ ਕਾਸ਼ਤ ਕਰਦੇ ਹਨ,ਜੋ ਕਈ ਵਾਰ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਸਾਬਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗੈਰ ਸਿਫਾਰਸ਼ਸ਼ੁਦਾ ਅਤੇ ਗੈਰ ਨੋਟੀਫਾਈਡ ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ਕਾਸ਼ਤ ਕਰਨ ਨਾਲ ਜਿਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ, ਉਥੇ ਸੈਲਰ ਉਦਯੋਗ ਨੂੰ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ 2022 ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜਾਰੀ ਕੀਤੀ ਗਈ ਪੀ ਆਰ 131 ਦੇ ਬੀਜ ਦੀ ਮੰਗ ਵਧੇਰੇ ਹੋਣ ਕਾਰਨ ਸਖ਼ਤ ਚੌਕਸੀ ਰੱਖਣ ਦੀ ਜ਼ਰੂਰਤ ਹੈ।
ਉਨ੍ਹਾਂ ਖੇਤੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਰਕਿਟ ਵਿਚ ਬੀਜ ਵਿਕ੍ਰੇਤਾਵਾਂ ਦੇ ਕਾਰੋਬਾਰੀ ਅਦਾਰਿਆਂ ਦੀ ਚੈਕਿੰਗ ਦੌਰਾਨ ਪੀ.ਆਰ 131 ਦੇ ਨਾਲ ਸਬੰਧਤ ਕਾਗਜਾਤ ਜ਼ਰੁਰ ਦੇਖੇ ਜਾਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੀ ਆਰ 131 ਦਾ ਬੀਜ ਖਰੀਦਣ ਉਪਰੰਤ ਬਿੱਲ ਜ਼ਰੁਰ ਲਿਆ ਜਾਵੇ ਤਾਂ ਜੋਂ ਕਿਸੇ ਤਰਾਂ ਦੀ ਗੜਬੜੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਝੋਨੇ ਦੀਆਂ ਸਿਰਫ ਨੋਟੀਫਾਇਡ ਦੋਗਲੀਆਂ ਕਿਸਮਾਂ ਦੀ ਹੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਅਤੇ ਵਾਤਾਵਰਣ ਦੇ ਸ਼ੁਧਤਾ ਲਈ ਝੋਨੇ ਦੀ ਪੂਸਾ 44 ਕਿਸਮ ਦੀ ਕਾਸ਼ਤ ਨੂੰ ਪੰਜਾਬ ਵਿੱਚ ਵਰਜਿਤ ਕਰ ਦਿੱਤਾ ਹੈ,ਇਸ ਲਈ ਕਿਸਾਨਾਂ ਨੂੰ ਝੋਨੇ ਦੀ ਪਕਣ ਵਿਚ ਵੱਧ ਸਮਾਂ ਲੈਣ ਵਾਲੀ ਕਿਸਮ ਪੂਸਾ 44 ਦੀ ਕਾਸ਼ਤ ਕਰਨ ਦੀ ਬਿਜਾਏ ਪੀ ਆਰ 126 ,ਪੀ ਆਰ 128,ਪੀ ਆਰ 131 ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਉਨਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਕੋਈ ਵੀ ਬੀਜ ਵਿਕ੍ਰੇਤਾ ਕਿਸਾਨਾਂ ਨੂੰ ਬੀਜ ਦੀ ਵਿਕਰੀ ਕਰਨ ਉਪਰੰਤ ਬਿੱਲ ਜ਼ਰੂਰ ਜਾਰੀ ਕਰੇ।
ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਡਾ.ਰੁਪਿੰਦਰ ਸਿੰਘ ,ਡਾ. ਰਮਨਦੀਪ ਸਿੰਘ,ਡਾ.ਯਾਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ ।